Friday, September 30, 2011

Gurmati Kisi Vee Sant Smaaj Nu Parvangee Nahi Dindee

                                          ਗੁਰਮਤਿ ਕਿਸੇ ਸੰਤ ਸਮਾਜ ਨੂੰ ਪ੍ਰਵਾਨਗੀ ਨਹੀਂ ਦਿੰਦੀ


ਪੰਜਾਬ ਅੰਦਰ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜ਼ੇ ਕਰਨ ਦੀ ਦੌੜ ਵਿਚ ਇੱਕ ਨਵੀਂ ਸੰਤ ਸਮਾਜ ਨਾਮ ਦੀ ਸੰਸਥਾ ਨੇ ਵੀ ਬਾਹਾਂ ਚਾੜ੍ਹ ਲਈਆਂ ਹਨ। ਇਹ ਸੰਸਥਾ ਪਹਿਲਾਂ ਤਾਂ ਅਪਣੇ ਆਪ ਨੂੰ ਧਾਰਮਿਕ ਸੰਸਥਾ ਕਹਿ ਕੇ ਸੰਬੋਧਨ ਕਰਦੀ ਸੀ ਪਰ ਹੁਣ ਗੋਲਕ ਦੇ ਲ਼ਾਲਚ ਨੇ ਇਨ੍ਹਾਂ ਦਾ ਸਹੀ ਰੂਪ ਸਾਹਮਣੇ ਲੈ ਹੀ ਆਉਂਦਾ ਹੈ। ਇਹ ਹੁਣ ਤੀਹ ਸੀਟਾਂ ਤੇ ਬਾਦਲ ਧੜੇ ਦੇ ਅਧੀਨ ਹੋ ਕਰ ਕੇ ਮਾਇਆ ਦੀ ਦੱਲ ਦੱਲ ਵਿਚ ਧੱਸੇ ਸ੍ਰੋ: ਕਮੇਟੀ ਦੇ ਗੁਰਦੁਆਰਾ ਪ੍ਰਬੰਧ ਦੇ ਕਾਰਗੁਜਾਰ ਬਣਨਗੇ। ਗੁਰਮਤਿ ਅਨੁਸਾਰ ਕੋਈ ਵੀ ਸੰਤ ਅਪਣਾ ਮਾਇਆ ਤੋਂ ਤਿਆਗ ਵਾਲਾ ਗੁਣ ਨਹੀਂ ਛੱਡਦਾ ਭਾਵੇ ਲੱਖਾਂ ਅਸੰਤਾਂ (ਮਾਇਆਧਾਰੀਆਂ) ਵਿੱਚ ਵਿਚਰਦਾ ਹੋਵੇ। ਭਗਤ ਕਬੀਰ ਜੀ ਨੇ ਇਸ ਰਹਿਤ ਨੂੰ ਪੰਨਾ ੧੩੭੩ ਤੇ ਦਰਜ਼ ਇਸ ਸ਼ਲੋਕ ਰਾਹੀਂ ਦਰਸਾਇਆ ਹੈ।


ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥


ਅਰਥ ਬੜੇ ਹੀ ਸਿਧੇ ਤੇ ਸਪਸ਼ਟ ਹਨ, ਘੱਟ ਸਮਝ ਵਾਲਾ ਵੀ ਇਸ ਗਲ ਨੂੰ ਸਮਝ ਸਕਦਾ ਹੈ। ਫਿਰ ਗੁਰਮਤ ਦੇ ਆਸ਼ੇ ਤੋਂ ਉਲਟ ਇਹ ਮੰਡਲੀ ਅਪਣੇ ਆਪ ਨੂੰ ਕਿਸ ਅਧਾਰ ਤੇ ਸੰਤ ਅਖਵਾ ਸਕਦੀ ਹੈ ਪਾਠਕ ਜਨ ਆਪ ਹੀ ਵਿਚਾਰ ਕਰ ਲੈਣ।


ਸੰਤਾਂ ਦੇ ਵੱਗ ਨਹੀਂ ਹੁੰਦੇ:- ਸ਼ਾਇਦ ਕੁਝ ਸ਼ਰਧਾਵਾਨ ਪਾਠਕਾਂ ਨੂੰ ਇਹ ਗੱਲ ਥੋੜੀ ਚੁਭਵੀਂ ਵੀ ਲਗੇ ਕਿ ਸੰਤਾ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਹ ਬੜੇ ਮਹਾਂਪੁਰਖ ਹੁੰਦੇ ਹਨ। ਦਾਸ ਦੀ ਉਨ੍ਹਾਂ ਸਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਬਾਣੀ ਦੇ ਅਧਾਰ ਤੇ ਇਹ ਫੈਸਲਾ ਕਰ ਲਈਏ ਕਿ ਅਸਲੀ ਸੰਤ ਕੌਣ ਹੈ। ਉਸ ਦੀ ਪਹਿਚਾਨ ਕੀ ਹੁੰਦੀ ਹੈ ਤੇ ਸਮਾਜ ਲਈ ਉਹ ਕੀ ਲਾਭ ਦਿੰਦੇ ਹਨ।
                                                                       


ਸੰਤਾ ਦੀ ਗਿਣਤੀ ਕਿਤਨੀ ਕੁ ਹੈ:- ਭਗਤ ਕਬੀਰ ਜੀ ਕਾਸ਼ੀ ਦੇ ਵਾਸੀ ਸਨ ਅਤੇ ਕਾਸ਼ੀ ਅਸੰਤਾਂ ਦਾ ਗੜ੍ਹ ਮੰਨਿਆਂ ਜਾਂਦਾ ਸੀ।ਸਾਰੇ ਅਖੋਤੀ ਸੰਤਾਂ ਨੂੰ ਉਨ੍ਹਾਂ  ਨੇ ਬੜੇ ਕਰੀਬ ਤੋਂ ਜਾਣਿਆ ਅਤੇ ਪੰਨਾ ੧੩੭੬ ਤੇ ਸ਼ਲੋਕ ਨੰ: ੨੨੪ ਵਿਚ ਇਹ ਗਾਥਾ ਬਿਆਨ ਕਰ ਦਿੱਤੀ।


                  ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥


                  ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥


ਕਹਿਣ ਤੋਂ ਭਾਵ ਕਿ ਕਲਿਯੁਗੀ ਜੀਵਾਂ ਦੇ ਮਨ ਨੇ ਅਗਿਆਨਤਾ (ਕਜਲੀ ਬਨੁ) ਵਸ ਹੋ ਕੇ ਮਾਇਆ ਵਿਚ ਫੱਸ ਕੇ ਹਾਥੀ (ਕੁੰਚਰੁ) ਦੇ ਅਕਾਰ ਦਾ ਹਉਮੇ ਰੂਪ ਧਾਰ ਲਇਆ ਹੈ।ਜਿਨਾਂ ਦੇ ਸਿਰ ਉਤੇ ਬ੍ਰਹਮ ਗਿਆਨ ਰੂਪੀ ਰਤਨ ਅੰਕੁਸ਼ ਹੈ (ਅੰਕਸੁ ਗ੍ਯ੍ਯਾਨੁ ਰਤਨੁ ਹੈ) ਉਹ ਤਾਂ ਕਰੋੜਾਂ ਵਿਚੋਂ ਕੋਈ ਮਸਾਂ ਇਕ ਅੱਧਾ ਹੀ ਹੈ ਅਤੇ ਉਹ ਹੀ ਗੁਰਮਤਿ ਅਨੁਸਾਰ (ਬਿਰਲਾ ਸੰਤੁ) ਸੰਤ ਹੈ। ਇਸ ਅਨੁਸਾਰ ਪੂਰੇ ੨ ਕਰੋੜ ਦੀ ਸਿੱਖਾਂ ਦੀ ਜਨਸੰਖਆ ਵਿਚੋਂ ਕੋਈ ਇਕ ਜਾਂ ਦੋ ਤੋਂ ਵੱਧ ਸੰਤ ਨਹੀ ਹਨ। 


ਸੰਤਾ ਦੀ ਪਹਿਚਾਣ: ਅਤੇ ਜੇ ਭਗਤ ਕਬੀਰ ਜੀ ਨੂੰ ਪੁਛੀਏ ਕਿ ਇਹ ਜੋ ਬਾਕੀ ਸਭ ਸੰਤ ਕਹਾਉਣ ਵਾਲੇ ਕੌਣ ਹਨ ਤਾਂ ਉਹ ਇਸ ਦਾ ਵੀ ਉੱਤਰ ਦਿਂਦੇ ਹੋਏ ਇਸ ਤਰਾਂ ਦਾ ਇਸ਼ਾਰਾ ਕਰਦੇ ਹਨ। 


ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥


ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥


ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥


ਆਸਾ (ਭ. ਕਬੀਰ)  - ਅੰਗ ੪੭੬


ਭਾਵ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਭਰਮਉਣ ਲਈ ਧਾਰਮਿਕ ਚਿੰਨ੍ਹਾ ਵਾਲਾ ਪਹਿਰਾਵਾ ਜਿਵੇਂ ਕਿ (ਸਾਡੇ ਤਿੰਨ ਗਜ਼ ਦੀਆਂ ਧੋਤੀਆ, ਤਗ (ਪਿੰਡੇ ਤੇ ਜਨੇਉ), ਗਲਾਂ ਉਤੇ ਜਪਮਾਲੀਆ, ਅਤੇ ਹਥਾਂ ਵਿਚ ਲਿਸ਼ਕਦੇ ਲੋਟੇ) ਤਾਂ ਜ਼ਰੂਰ ਧਾਰਣ ਕੀਤਾ ਹੈ ਪਰ ਮਾਇਆ ਨੇ ਉਨਾਂ ਨੂੰ ਠੱਗ ਲਇਆ ਹੈ । ਉਨ੍ਹਾਂ ਨੂੰ ਬਾਨਾਰਸ ਦੇ ਠੱਗ ਹੀ ਜਾਣੋ ਕੋਈ ਸੰਤ ਵਾਲਾ ਗੁਣ ਇਨ੍ਹਾਂ ਵਿੱਚ ਨਹੀਂ।


ਪਾਠਕ ਸਜਣ ਗੁਰਬਾਣੀ ਦੇ ਮੁਖ ਵਾਕਾਂ ਅਨੁਸਾਰ ਆਪ ਇਹ ਫੈਸਲਾ ਲੈਣ ਕਿ ਇਹ ਕੌਣ ਹਨ ਸੰਤ ਜਾਂ ਅਸੰਤ (ਮਾਇਯਾ ਦੇ ਠਗੇ ਹੋਏ)।
ਗੁਰਮਤਿ ਅਤੇ ਸੰਤ ਸਮਾਜ:-  ਇਹ ਦੋਵੇਂ ਆਪਾ ਵਿਰੋਧੀ ਸ਼ਬਦ ਹਨ। ਕਿਉਂਕਿ ਸੰਤ ਕਿਸੇ ਇਕ ਸਮਾਜ ਦੇ ਆਗੂ ਨਹੀਂ ਹੁੰਦੇ ਤੇ ਨਾਂ ਹੀ ਸੰਤਾਂ ਦਾ ਕੋਈ ਸਮਾਜ਼ ਹੁੰਦਾ ਹੈ। ਸੰਤ ਤਾਂ ਸਭ ਨੂੰ ਹੀ ਅਪਣੀ ਬੁੱਕਲ ਵਿਚ ਲੈਂਦੇ ਹਨ। ਸਮਾਜ਼ ਦੀਆਂ ਵੰਡੀਆਂ ਨੂੰ ਮਿਟਾ ਕੇ ਸਰਬ ਸਾਂਝੇ ਇਨਸਾਨੀ ਪਰਿਵਾਰ ਦੀ ਸਿਰਜਨਾ ਕਰਦੇ ਹਨ। ਸਾਰੀ ਇਨਸਾਨੀਅਤ ਨੂੰ ਸਾਂਝਾ ਉਪਦੇਸ਼ ਦੇਂਦੇ ਹਨ। ਇਨਾਂ ਵਿਰਲੇ ਸੰਤਾਂ ਬਾਰੇ ਗੁਰਬਾਣੀ ਵਿਚ ਕੁਝ ਇਸ ਤਰਾਂ ਦੇ ਮੁਖਵਾਕ ਦਰਜ਼ ਹਨ ।
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ॥ ਪੰਨਾ ੯੭
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਪੰਨਾ ੬੭੧
ਪਰ ਜਦੋਂ ਦਿਖਾਵੇ ਦੇ ਸੰਤ, ਸਮੂਹ ਬਣਾ ਕੇ ਫਿਰਦੇ ਹਨ ਤਾਂ ਦਸਮ ਪਾਤਸ਼ਾਹ ਨੂੰ ਤ੍ਵ ਪ੍ਰਸਾਦਿ ਸਵੱਈਆਂ ਦੇ ਪਹਿਲੇ ਹੀ ਸਵੱਈਏ ਵਿਚ ਇਹ ਫੈਸਲਾ ਦੇਣਾ ਪਇਆ ।


ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰਿ ਜੋਗਿ ਜਤੀ ਕੇ ॥


ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥


ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ ॥


ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥


ਅਕਾਲ ਉਸਤਤਿ - ੨੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਵ ਇਹ ਕਿ ਐਸੇ ਸੰਤ ਸਮੂਹ ਮਾਇਆ ਤੋਂ ਅੱਗੇ ਨਹੀਂ ਦੇਖ ਸਕਦੇ ਇਹ ਗੁਰਮਤਿ ਦੇ ਉੱਕੇ ਹੀ ਧਾਰਨੀ ਨਹੀਂ ਹੁੰਦੇ ।
ਪਾਠਕ ਸੱਜਣ ਇਸ ਵਿਸ਼ੇ ਦਾ ਵੀ ਆਪ ਹੀ ਫੈਸਲਾ ਕਰ ਲੈਣ ਕਿ ਸਚਾਈ ਕੀ ਹੈ।
ਸਹਿਜਧਾਰੀ ਪੂਰਨ ਅਤੇ ਪਤਿਤ ਸਿੱਖ:-ਹਾਲ ਹੀ ਵਿੱਖੇ ਸੰਤ ਸਮਾਜ, ਸ੍ਰੋ: ਕਮੇਟੀ ਅਤੇ ਅਕਾਲੀ ਦੱਲ ਵਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸਹਿਜਧਾਰੀ ਨਾਮਕ ਨਾਂ ਦੀ ਸਿੱਖੀ ਵਿਚ ਕੋਈ ਹੋਂਦ ਹੀ ਨਹੀਂ ਸਿਰਫ ਪੂਰਨ ਜਾਂ ਪਤਿਤ ਸਿੱਖ ਹੀ ਹੁੰਦੇ ਹਨ।


(Chandigarh, September 2: The SAD, the Sant Samaj as well as the SGPC today claimed the term Sehajdhari did not exist in Sikhism and that Sikhs were either ‘puran’ or ‘patit’, meaning  


those that followed the ‘rehat maryada’ (Sikh code of conduct) and those who did not, but believed in the Sikh tenets.)


ਪੂਰਨ ਓਹ ਜੋ ਰਹਿਤ ਮਰਿਆਦਾ ਨੂੰ ਮੰਨਦੇ ਹਨ ਅਤੇ ਪਤਿਤ ਜੋਂ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ।


ਜਦਕਿ ਸ੍ਰੀ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਸਹਜ ਸ਼ਬਦ (੨੬੦ ਵਾਰੀ), ਸਹਜੁ (੬੫ ਵਾਰੀ), ਸਹਜਿ (੪੦੨ ਵਾਰੀ), ਦਰਜ਼ ਹੋਇਆ ਮਿਲਦਾ ਹੈ। ਇਹ ਇਕ ਬਹੁਤ ਹੀ ਉਤਮ ਅਵਸਥਾ ਦਾ ਵਾਚਕ ਹੈ ਅਤੇ ਗੁਰ ਅਮਰਦਾਸ ਜੀ ਨੇ ਤਾਂ ਅਨੰਦ ਦੀ ਪ੍ਰਾਪਤੀ ਸਹਿਜ ਅਵਸਥਾ ਤੋਂ ਹੀ ਦੱਸੀ ਹੈ। ਅੰਨਦ ਦੀ ਪਵਿਤ੍ਰ ਬਾਣੀ ਵਿੱਚ ਪੰਨਾ ੯੧੭ ਓਹ ਲਿਖਦੇ ਹਨ:


ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥


ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਹਿਜ (ਜਾਗ੍ਰਤ) ਅਵਸਥਾ ਵਿੱਚ ਹੋ ਕੇ ਹੀ ਸਤਿਗੁਰ ਨੂੰ ਪਾਇਆ ਜਾ ਸਕਦਾ ਹੈ। ਇਸ ਅਵਸਥਾ ਤੇ ਪਹੁੰਚਣਾ ਹੀ ਸਿੱਖ ਦਾ ਮਨੋਰਥ ਹੈ। ਸੂਝਵਾਨ ਸਿੱਖ ਸਾਧਾਰਨ ਪਾਠ ਸ਼ਬਦ ਦੀ ਜਗਹ ਸਹਿਜ ਪਾਠ ਸ਼ਬਦ ਵਰਤਦੇ ਹਨ ਤੇ ਪਰ ਇਹ ਕੀ ਗੱਲ ਬਣੀ ਕਿ ਸਹਿਜਧਾਰੀ ਸ਼ਬਦ ਦੀ ਹੋਂਦ ਹੀ ਨਹੀਂ।
ਇਸ ਹੀ ਪ੍ਰਕਾਰ ਪੂਰਨ ਅਤੇ ਪਤਿਤ ਸਿੱਖਾਂ ਦੇ ਬਾਰੇ ਵੀ ਬੜਾ ਭੁਲੇਖਾ ਪਾਇਆ ਹੋਇਆ ਹੈ। ਜੇਕਰ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੀ ਪੂਰਨ ਸਿੱਖ ਹਨ ਫੇਰ ਦਮਦਮੀ ਅਤੇ ਹੋਰ ਟਕਸਾਲਾਂ, ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜੱਥੇ ਵਾਲੇ ਅਤੇ ਹੋਰ ਸੰਪ੍ਰਦਾਵਾਂ ਜੋ ਕਿ ਖਾਸਕਰ ਰਹਿਰਾਸ ਸਾਹਿਬ ਜੀ ਦੀ ਬਾਣੀ ਅਪਣੀ ਮਰਿਆਦਾ ਅਨੁਸਾਰ ਪੜ੍ਹਦੇ ਹਨ ਸਾਰੇ ਹੀ ਪਤਿਤ ਸਿੱਖ ਹੋਏ। ਸੰਤ ਸਮਾਜ ਵੀ ਉਨ੍ਹਾਂ ਵਿੱਚ ਹੀ ਆਉਂਦਾ ਹੈ। ਕੱਚੀ ਬਾਣੀ ਪੜ੍ਹਨ ਵਾਲੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਭਾਈ ਦਲੇਰ ਸਿੰਘ ਜੋ ਕਿ ਹੁਣੇ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਹਨ ਬ੍ਰੀਜ਼ਬਨ ਦੇ ਦੋ ਗੁਰਦਾਆਰਿਆਂ ਵਿੱਚ ਅਤੇ ਜੋ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਦਾ ਵੀ ਦਾਅਵਾ ਕਰਦੇ ਹਨ, ਵਾਲਿਆਂ ਨੇ ਰੱਜ ਕੇ ਕੱਚੀ ਬਾਣੀ ਦਾ ਪ੍ਰਵਾਹ ਚਲਾ ਕੇ ਸਿਰੋਪਾਓ ਦਾ ਸਨਮਾਨ ਵੀ ਪ੍ਰਾਪਤ ਕੀਤਾ ਇਸ ਤਰਾਂ ਦੇ ਹੋਰ ਸੰਤ,੧੦੦੮ ਅਖਵਾਉਣ ਵਾਲੇ ਸਭ ਹੀ ਪਤਿਤ ਹਨ। ਕਿਉਂਕਿ ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਿੱਚ ਇਸ ਦੀ ਮਨਾਹੀ ਹੈ। ਸਿਰਫ ਮਿਸ਼ਨਰੀ ਕਾਲਜ  ਵਾਲੇ ਅਤੇ ਕੁਝ ਹੋਰ ਹੀ ਪੂਰਣ ਸਿੱਖ ਹੋਏ।


ਗੁਰਮਤ ਅਤੇ ਪੂਰਨ ਸਿੱਖ:- ਗੁਰਮਤਿ ਓਸ ਪ੍ਰਾਣੀ ਨੂੰ ਪੂਰਨ ਮੰਨਦੀ ਹੈ ਜੋ ਗੁਰਬਾਣੀ ਦੇ ਗਿਆਨ ਨੂੰ ਸੱਚ ਮੰਨ ਕੇ ਹੁਕਮ ਨੂੰ ਬੁਝ ਕੇ ਆਤਮਾ ਦੀ ਰਹਿਤ ਜਾਣ ਕੇ ਮਨ ਚਿਤ ਨੂੰ ਇਕ ਕਰ ਕੇ ਜੀਵਨ ਮੁਕਤ ਹੋ ਕੇ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਓਹ ਕਿਸੇ ਵੀ ਡੇਰੇ ਜਾਂ ਸ੍ਰੋ: ਕਮੇਟੀ ਦਾ ਮਰਿਯਾਦਾ ਦੀ ਗੁਲਾਮ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਿੱਖ ਤਾਂ ਕੋਈ ਵਿਰਲਾ ਹੀ ਹੈ। ਪੰਨਾ ੪੯੫ ਤੇ ਇਸ ਤਰ੍ਹਾਂ ਦੇ ਪੂਰਨ ਸਿੱਖ ਦਾ ਜਿਕਰ ਕੀਤਾ ਹੈ ।


ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥


ਅਸੀਂ ਸਭ ਨੇ ਇਹੋ ਜਿਹੇ ਹੀ ਸਿੱਖ ਬਣਨ ਦਾ ਟੀਚਾ ਰਖਣਾ ਹੈ। ਗੋਲਕ ਤੇ ਕਾਬਜ ਹੋਣ ਵਾਸਤੇ ਜਾਂ ਝੂਠੀ ਚੌਧਰ ਵਾਸਤੇ ਸਿੱਖੀ ਦਾ ਭੇਖ ਨਹੀਂ ਧਾਰਨਾ। ਇਸ ਵਿੱਚ  ਸਤਿਗੁਰ ਦੀ ਕੋਈ ਵਡਿਆਈ ਨਹੀਂ ਹੈ।


ਨਿਸ਼ਕਰਸ:- ਇਹ ਗੱਲ ਵਿਚਾਰਣ ਯੋਗ ਹੈ ਕਿ ਪਿਛੋਕੜ ਵਿਚ ਹੋਈਆਂ ਗਲਤੀਆਂ ਨੂੰ ਅਸੀਂ ਸਮੇਂ ਸਮੇਂ ਸਿਰ ਮਿਲ ਬੈਠ ਕੋ ਪੰਥਕ ਪੱਧਰ ਤੇ ਨਹੀ ਸੁਧਾਰਿਆ। ਸੰਨ ੧੯੪੫ ਵਿਚ ਜਾਰੀ ਹੋਈ ਪੰਥਕ ਰਹਿਤ ਮਰਿਆਦਾ ਵਿੱਚ ਕਾਫੀ ਤਰੁਟੀਆਂ ਸਨ ਜਿਨ੍ਹਾਂ ਵਿੱਚ ਵਿਚਾਰਵਾਨ ਹੋ ਕੋ ਸਮੇ ਦੀ ਨਜ਼ਾਕਤ ਨੂੰ ਸਮੱਝ ਕੇ ਸੁਧਾਰ ਹੋਣਾ ਜ਼ਰੂਰੀ ਸੀ ਅਤੇ ਇਸ ਮਰਿਆਦਾ ਦਾ ਲਾਗੂ ਹੋਣਾ ਜ਼ਰੂਰੀ ਸੀ। ਪਿਛਲੇ ਸਾਲ ਹੀ ਸਭ ਨੇ ਦੇਖਿਆ ਹੋਵੇਗਾ ਕਿ ਵਿਦੇਸ਼ ਵਿਚ ਇਸ ਮਰਿਅਦਾ ਤੋਂ ਹੀ ਨਾਖੁਸ਼ ਸੰਗਤ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਟੇਜ ਤੋਂ ਸੰਬੋਧਨ ਨਹੀਂ ਕਰਨ ਦਿੱਤਾ ਸੀ। ਪੰਥ ਦੇ ਸਾਂਝੇ ਪ੍ਰਚਾਰ ਦੀ ਕਮੀਂ ਅਤੇ ਸ੍ਰੋ: ਕਮੇਟੀ ਤੇ ਬਾਦਲ ਧੜੇ ਦੇ ਪੋਲਿਟੀਕਲ ਦਵਾਬ ਬਣਾਏ ਰਖਣ ਕਰ ਕੇ, ਦੂਰ ਦ੍ਰਿਸ਼ਟੀ ਦੀ ਕਮੀ ਕਾਰਣ ਅਕਾਲ ਪੁਰਖ ਦੇ ਭਾਣੇ ਅੰਦਰ ਇਹ ਵਿਧ੍ਰੋਹ ਚੌਕਸੀ ਦੇ ਰੂਪ ਵਿਚ ਸਾਹਮਣੇ ਆਇਆ ਹੈ ਇਸ ਨੂੰ ਗੁਰਮਤਿ ਅਨੁਸਾਰ ਨਜਿੱਠ ਕੇ ਅੱਗੇ ਵੱਧਣਾ ਚਾਹੀਦਾ ਹੈ।


ਭੁਲ ਚੁੱਕ ਮੁਆਫ਼
ਗੁਰਜੀਤ ਸਿੰਘ ਆਸਟ੍ਰੇਲੀਆ


khalsagurjeet@yahoo.com

No comments:

Post a Comment