Monday, April 4, 2011

Bhagat Dhanaa Jee, Parmaanand Jee Te Soordaas Jee De Sabdaan Bare Paaee Bhulekhe

ਭਗਤ ਧੰਨਾ ਜੀ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਸ਼ਬਦਾਂ ਦੇ ਬਾਰੇ ਪਾਏ ਭੁਲੇਖੇ

ਭਗਤ ਧੰਨਾ ਜੀ ਦੇ ਮਾਤਾ ਪਿਤਾ ਜਾਂ ਜਨਮ ਤਰੀਕ ਬਾਰੇ ਕੋਈ ਭਰੋਸੇਯੋਗ ਬਿਉਰਾ ਉਪਲਬਧ ਨਹੀਂ ਹੈ ਪਰ ਮੈਕਾਲਿਫ ਦੀ ਖੋਜ ਅਨੁਸਾਰ ਭਗਤ ਜੀ ਦਾ ਜਨਮ ਧਾਲੀਵਾਲ ਗੋਤ ਦੇ ਜੱਟ ਘਰਾਣੇ ਵਿੱਚ ੮ ਵੈਸਾਖ ਸੰਨ ੧੪੧੫ ਪਿੰਡ ਧੁਆਨ, ਜ਼ਿਲਾ ਟਾਂਕ ਰਾਜਸਥਾਨ ਵਿੱਚ ਹੋਇਆ ਸੀ। ਭਗਤ ਜੀ ਦੇ ਭਗਤੀ ਵਾਲੇ ਉੱਚੇ ਸੁੱਚੇ ਜੀਵਨ ਬਾਰੇ ਅਸੀਂ ਸਭ ਜਾਣਦੇ ਹਾਂ ਪਰ ਇਸ ਦੇ ਸਮਾਨੰਤਰ ਸੀਨੇ-ਬਸੀਨੇ ਕਾਫੀ ਕਰਾਮਾਤੀ ਅਤੇ ਚਮਤਕਾਰੀ ਕਿੱਸੇ ਕਹਾਣੀਆ ਵੀ ਪ੍ਰਚਲਿਤ ਹਨ ਜੋ ਕ ਗੁਰਮਤ ਦੀ ਕਸਵਟੀ ਤੇ ਪੂਰੀਆਂ ਨਹੀਂ ਉਤਰਦਿਆਂ । ਅੱਜ ਤਕਰੀਬਨ ੫੯੬ (੨੦੧੧ ਵਿੱਚ) ਸਾਲਾਂ ਬਾਅਦ ਭਗਤ ਜੀ ਦੇ ਪਰਮਾਰਥਿਕ ਜੀਵਨ ਨੂੰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਓਨ੍ਹਾਂ ਵੱਲੋਂ ਪ੍ਰਾਪਤ ਬ੍ਰਹਮ ਗਿਆਨ ਦਾ ਚਾਨਣ ਜੋ ਕਿ ਸ੍ਰੀ ਆਦਿ ਗਰੰਥ ਜੀ ਅੰਦਰ ਦਰਜ਼ ਚਾਰ ਸ਼ਬਦਾਂ (ਵਿਦਵਾਨਾਂ ਨੇ ਬਿਨ੍ਹ੍ਹਾ ਵਿਚਾਰੇ ਤਿੰਨ ਸ਼ਬਦ ਲਿਖੇ ਹਨ) ਵਿਚ ਠਾਠਾਂ ਮਾਰਦੀ ਹੈ।
ਉਮੀਦ ਹੈ ਕਿ ਪਾਠਕ ਜਨ ਇਸ ਲੇਖ ਦਾ ਭਰਪੂਰ ਫਾਇਦਾ ਉਠਾ ਕੇ ਭਗਤਾਂ ਦੀ ਬਾਣੀ ਦੇ ਬਿਉਰੇ ਅਤੇ ਭਗਤ ਧੰਨਾ ਜੀ ਦੇ ਪਰਮਾਰਥਿਕ ਜੀਵਨ ਦੇ ਨਾਲ-੨ ਪੰਡਤਾਂ ਦੀ ਸਮਝ ਨੂੰ ਵੀ ਪਰਖ ਸਕਣਗੇ।

ਗੁਰਮਤ, ਜੀਵ ਨੂੰ ਉੱਚੇ ਸੁੱਚੇ ਜੀਵਨ ਬਾਰੇ ਹਮੇਸ਼ਾ ਹੀ ਯਤਨਸ਼ੀਲ ਰਹਿਣ ਦਾ ਉਪਦੇਸ਼ ਦਿੰਦੀ ਹੈ ਅਤੇ ਬ੍ਰਹਮ ਵਿਚਾਰ ਦੇ ਦਾਇਰੇ ਅੰਦਰ ਰਹਿ ਕੇ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਮੰਨ ਨੂੰ ਨਿਰਮਲ ਕਰਣ ਵਾਸਤੇ ਉਤਸਾਹਿਤ ਕਰਦੀ ਹੈ। ਗੁਰਮਤ ਵਿੱਚ ਜੀਵ ਆਤਮਾ ਦੀ ਜ਼ਾਤ ਬਾਰੇ ਕੋਈ ਸਥਾਨ ਨਹੀਂ ਪਰ ਕੇਵਲ ਕਿਰਤ ਦੇ ਅਧਾਰ ਤੇ ਜ਼ਾਤ ਬਾਰੇ ਇਸ਼ਾਰੇ ਹਨ। ਅਨੇਕਾਂ ਸ਼ਬਦਾਂ ਦੁਆਰਾ ਇਸ ਨੇਮ ਵੱਲ ਇਸ਼ਾਰਾ ਕੀਤਾ ਗਇਆ ਹੈ ।

" ਆਗੈ ਜਾਤਿ ਰੂਪੁ ਨ ਜਾਇ ॥ ਤੇਹਾ ਹੋਵੈ ਜੇਹੇ ਕਰਮ ਕਮਾਇ ॥" (ਪੰਨਾ ੩੬੩)
" ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥ "(ਪੰਨਾ ੧੧੯੮)
" ਭਗਤਾ ਕੀ ਜਤਿ ਪਤਿ ਏਕੋ ਨਾਮੁ ਹੈ ਆਪੇ ਲਏ ਸਵਾਰਿ ॥ "(ਪੰਨਾ ੪੨੯)

ਭਗਤ ਬਾਣੀ ਦੇ ਸ਼ਬਦਾਂ ਦਾ ਬਾਣੀ ਬਿਉਰਾ:

ਪ੍ਰਚਲਿਤ ਕਿੱਸੇ ਕਹਾਣੀਆਂ ਨੂੰ ਕਿਸੇ ਕਿਸਮ ਦਾ ਅਧਾਰ ਨਾਂ ਮੰਨ ਕੇ ਗੁਰਮਤ ਦੇ ਆਧਾਰ ਤੇ ਭਗਤ ਧੰਨਾ ਜੀ ਦੇ ਪਰਮਾਰਥਿਕ ਪੱਖ ਉਤੇ ਚਾਨਣਾਂ ਪਾਉਣ ਵਾਸਤੇ ਵੀ ਸਾਡੇ ਕੋਲ ਸਭ ਤੋਂ ਭਰੋਸੇਮੰਦ ਵਸੀਲਾ ਸ਼੍ਰੀ ਆਦਿ ਗ੍ਰੰਥ ਅੰਦਰ ਪੰਨਾ ੪੮੭-੪੮੮ ਉਤੇ ਰਾਗ ਆਸਾ ਵਿਚ ਤਿੰਨ (੩) ਅਤੇ ਪੰਨਾ ੬੯੫ ਤੇ ਧਨਾਸਰੀ ਰਾਗ ਵਿਚ ਦਰਜ ਇੱਕ (੧) ਸ਼ਬਦ ਅਤੇ ਕੁਲ ਜੋਡ਼ ਚਾਰ (੪) ਸ਼ਬਦਾਂ ਨੂੰ ਹੀ ਮੰਨਣਾ ਪਵੇਗਾ।
                          ਆਉ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ੀ ਅਲਪ ਬੁੱਧੀ ਅਨੁਸਾਰ ਆਸਾ ਰਾਗ ਵਿਚ ਦਰਜ਼ "ਮਹਲਾ ੫" ਦੇ ਸਿਰਲੇਖ ਅੰਦਰ ਭਗਤ ਧੰਨਾ ਜੀ ਦੇ ਦੂਸਰੇ ਸ਼ਬਦ ਬਾਰੇ ਅਜੋਕੇ ਕੁਝ ਵਿਦਵਾਨਾਂ (ਪੰਡਿਤਾਂ) ਦੁਆਰਾ ਪਾਏ ਭੁਲੇਖੇ ਦਾ ਖੁਲਾਸਾ ਕਰੀਏ। ਵਰਤਮਾਨ ਕਾਲ ਵਿਚ ਗੁਰਮਤ ਦੇ ਗਿਆਨ ਅੰਦਰ ਪਰਪੱਕ ਮੰਨੇ ਜਾਂਦੇ ਪੰਥ ਦੇ ਮਸ਼ਹੂਰ ਟੀਕਾਕਾਰ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਨੂੰ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਮੰਨਿਆ ਹੈ ਅਤੇ ਉਸ ਤੋਂ ਉਪਰੰਤ ਕਾਫੀ ਹੋਰ ਵਿਦਵਾਨਾਂ ਨੇ ਅਤੇ ਹਾਲ ਹੀ ਵਿੱਚ ਡਾ: ਰਤਨ ਸਿੰਘ ਜੱਗੀ ਦੁਆਰਾ ਰਚਿਤ "ਗੁਰੂ ਗਰੰਥ ਵਿਸ਼ਵਕੋਸ਼" ਵਿੱਚ ਇਸ ਹੀ ਗੱਲ ਨੂੰ ਇਕ ਵਾਰ ਫਿਰ ਦੋਹਰਾ ਕੇ ਸਭਨਾਂ ਨੇ ਹੀ ਆਪਣੇ ਗੁਰਮਤਿ ਗਿਆਨ ਦੀ ਖੋਜ ਵਿੱਚ ਕੱਚਿਆਈ ਦਿਖਾਈ ਹੈ। ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੀ ਵਿਆਖਿਆ ਤੋਂ ਬਾਅਦ ਇੱਕ ਫੁਟ ਨੋਟ ਦਿੱਤਾ ਹੈ,
ਜੋ ਇਸ ਪ੍ਰਕਾਰ ਹੈ।

{ਇਸ ਸ਼ਬਦ ਤੋਂ ਪਹਿਲੇ ਸ਼ਬਦ ਦਾ ਸਿਰਲੇਖ ਹੈ "ਆਸਾ ਬਾਣੀ ਭਗਤ ਧੰਨੇ ਕੀ"। ਇਸ ਸਿਰਲੇਖ ਹੇਠ ੩ ਸ਼ਬਦ ਹਨ ਪਰ ਇਸ ਦੂਜੇ ਸ਼ਬਦ ਦਾ ਇਕ ਹੋਰ ਨਵਾਂ ਸਿਰਲੇਖ ਹੈ "ਮਹਲਾ ੫"। ਇਸ ਦਾ ਭਾਵ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ। ਇਸ ਵਿਚ ਉਹਨਾਂ ਨੇ ਲਫਜ਼ 'ਨਾਨਕ' ਆਖੀਰ ਤੇ ਨਹੀਂ ਵਰਤਿਆ।}

ਪਾਠਕਾਂ ਦੇ ਬੋਧ ਲਈ ਨੀਚੇ ਇਹ ਸੰਪੂਰਨ ਸ਼ਬਦ ਲਿੱਖ ਦਿੱਤਾ ਗਇਆ ਹੈ।
ਮਹਲਾ ੫ ॥
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
ਆਸਾ (ਮਃ ੫) ਆਦਿ ਗ੍ਰੰਥ - ੪੮੮

ਸ਼੍ਰੀ ਆਦਿ ਗਰੰਥ ਦੀ ਜਾਣਕਾਰੀ ਰੱਖਣ ਵਾਲੇ ਸੱਜਣ, ਇਹ ਜਾਣਦੇ ਹਨ ਕਿ ਹਰ ਇਕ ਸ਼ਬਦ ਦੇ ਉਚਾਰਣ ਕਰਤੇ ਦਾ ਨਾਮ ਤੱਤਕਰੇ ਅੰਦਰ ਦਰਜ਼ ਮਿਲਦਾ ਹੈ। ਇਨ੍ਹਾਂ ਚਾਰ ਸ਼ਬਦਾਂ ਦੀ ਜਾਣਕਾਰੀ ਤੱਤਕਰੇ ਅੰਦਰ ਇਸ ਤਰੀਕੇ ਨਾਲ ਦਰਜ ਹੋਈ ਮਿਲਦੀ ਹੈ।


ਭਗਤ ਧੰਨਾ ਜੀਉ
ਭ੍ਰਮਤ ਫਿਰਤ ਬਹੁ .............................. ੪੮੭
ਗੋਬਿੰਦ ਗੋਬਿੰਦ .................................. ੪੮੭
ਰੇ ਚਿਤ ਚੇਤਸਿ ਕੀ ਨ.......................... ੪੮੮
ਗੋਪਾਲ ਤੇਰਾ ਆਰਤਾ............................੬੯੫


ਇਸ ਦ੍ਰਿਡ਼ ਨਿਯਮ ਨੂੰ ਪ੍ਰੌ: ਸਾਹਿਬ ਸਿੰਘ ਜੀ ਅਤੇ ਪੰਥ ਦੇ ਹੋਰ ਅਜੋਕੇ ਵਿਦਵਾਨ ਕਿਸ ਤਰ੍ਹਾਂ ਆਪਣੀਆਂ ਅੱਖਾਂ ਤੋਂ ਓਹਲੇ ਕਰ ਗਏ ਅਤੇ ਸੰਗਤ ਵਿੱਚ ਇਹ ਗਲਤ ਫਹਿਮੀ ਹੁਣ ਤਾਈਂ ਪਾਈ ਰੱਖੀ ਹੈ। ਇਸ ਦਾ ਜਵਾਬ ਤਾਂ ਇਹੀ ਹੋ ਸਕਦਾ ਹੈ ਕਿ ਇਹ ਸੱਜਣ ਬਾਣੀ ਬਿਓਰਾ ਇਕ ਦੁਜੇ ਤੋਂ ਨਕਲ ਮਾਰ ਕਰ ਕੇ ਜਾਂ ਸੁਣ ਸੁਣਾ ਕੇ ਹੀ ਲਿਖਦੇ ਰਹੇ ਹਨ। ਕਿਸੇ ਵੀ ਵਿਦਵਾਨ ਨੇ ਸ਼੍ਰੀ ਆਦਿ ਗਰੰਥ ਜੀ ਦੇ ਤੱਤਕਰੇ ਨੂੰ ਪਡ਼ਚੋਲਣ ਦਾ ਯਤਨ ਨਹੀਂ ਕੀਤਾ । ਇਹ ਇਕ ਅਣਗਹਲੀ ਵਾਲੀ ਤੇ ਅਧੂਰੀ ਖੋਜ਼ ਦਾ ਹੀ ਨਤੀਜਾ ਹੈ। ਅਸੀਂ ਖੋਜੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਾਜਿਸ਼ ਦੀ ਤਹਿ ਤਕ ਜਾਇਆ ਜਾਵੇ  


ਇਸ ਹੀ ਪ੍ਰਕਾਰ ਇਨ੍ਹਾਂ ਵਿਦਵਾਨਾ (ਪੰਡਿਤਾਂ) ਨੇ ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਸ਼ਬਦ ਬਾਰੇ ਵੀ ਭੁਲੇਖਾ ਪਾਇਆ ਹੋਇਆ ਹੈ। ਤੱਤਕਰੇ ਦੇ ਅਨੁਸਾਰ ਸ਼ਬਦਾਂ ਦਾ ਬਿਉਰਾ ਇਸ ਪ੍ਰਕਾਰ ਹੈ।


ਪਰਮਾਨੰਦ ਜੀ:-


ਤੈ ਨਰ ਕਿਆ ਪੁਰਾਨੁ..........................੧੨੫੩
ਛਾਡਿ ਮਨੁ ਹਰਿ ਬਿਮੁਖਨ......................੧੨੫੩


ਸੂਰਦਾਸ ਜੀ:-


ਹਰਿ ਕੇ ਸੰਗ ਬਸੇ..............................੧੨੫੩


ਪਾਠਕ ਸੱਜਣ ਇਸ ਬਾਣੀ ਬਿਉਰੇ ਨੂੰ ਆਦਿ ਗ੍ਰੰਥ ਵਿਚੋਂ ਜ਼ਰੂਰ ਵੇਖ ਲੈਣ ਅਤੇ ਪੱਲੇ ਬੰਨ੍ਹ ਲੈਣ ਕਿ ਇਕ ਪੰਕਤੀ "ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥"
ਭਗਤ ਸੁਰਦਾਸ ਜੀ ਦੀ ਨਾਂ ਹੋ ਕਰ ਕੇ ਭਗਤ ਪਰਮਾਨੰਦ ਜੀ ਦੇ ਨਾਮ ਅੰਦਰ ਦਰਜ਼ ਹੋਈ ਮਿਲਦੀ ਹੈ। ਫਿਰ ਮ:੫ ਲਿਖਣ ਦਾ ਭਾਵ ਇਹ ਹੋਇਆ ਕਿ ਪੰਚਮ ਪਾਤਸ਼ਾਹ ਨੇ ਦਰਜ਼ ਕਰਣ ਵੇਲੇ ਆਪਣੇ ਵਲੋਂ ਇਸ ਸ਼ਬਦ ਵਿਚ ਕੋਈ ਸੋਧ ਜਾਂ ਦਰੁਸਤੀ ਜਰੂਰ ਕੀਤੀ ਹੋਵੇਗੀ ਪਰ ਇਹ ਸ਼ਬਦ ਮੂਲ ਰੂਪ ਵਿਚ ਭਗਤ ਧੰਨਾ ਜੀ ਦਾ ਹੀ ਹੈ ਇਸ ਗੱਲ ਦੀ ਪ੍ਰੌਡ਼ਤਾ ਇਹ ਪੰਕਤੀ ਵੀ ਕਰਦੀ ਹੈ। 



"ਮਿਲੇ ਪ੍ਰਤਖਿ ਗੁਸਾਈਆ "ਧੰਨਾ" ਵਡਭਾਗਾ ॥੪॥੨॥"


ਆਸਾ ਰਾਗ ਵਿਚ ਬਾਕੀ ਦੇ ਦਰਜ਼ ਦੋ ਹੋਰ ਸ਼ਬਦਾਂ ਵਿਚ ਵੀ ਇਹੀ ਨਿਯਮ ਪ੍ਰਤੱਖ ਤੌਰ ਤੇ ਨਜ਼ਰੀਂ ਪੈਂਦਾ ਹੈ।


"ਧੰਨੈ" ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ (ਪੰਨਾ ੪੮੭)






ਕਹੈ "ਧੰਨਾ" ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥ (ਪੰਨਾ ੪੮੮)


ਆਪਣੇ ਤੌਰ ਤੇ ਪੰਚਮ ਪਾਤਸ਼ਾਹ ਨੇ ਪੰਨਾ ੧੧੯੨ ਉਤੇ ਬਸੰਤ ਰਾਗ ਵਿਚ "ਬਸੰਤੁ ਮਹਲਾ ੫ ਘਰੁ ੧ ਦੁਤੁਕੀਆ" ਸਿਰਲੇਖ ਅੰਦਰ ਭਗਤ ਧੰਨਾ ਜੀ ਦੇ ਬਾਰੇ ਇਹ ਪੰਕਤੀ ਦਰਜ਼ ਕੀਤੀ ਹੈ। "ਧੰਨੈ ਸੇਵਿਆ ਬਾਲ ਬੁਧਿ॥"


ਇਸੇ ਪ੍ਰਕਾਰ ਪ੍ਰੋ: ਸਾਹਿਬ ਸਿੰਘ ਜੀ ਨੇ ਭਗਤ ਫਰੀਦ ਜੀ ਦੇ ਸ਼ਲੋਕਾਂ ਵਾਰੇ ਵੀ ਕੁੱਝ ਇਸ ਤਰ੍ਹਾਂ ਲਿਖਿਆ ਹੈ,


{ਨੋਟ:- ਭਗਤਾਂ ਦੇ ਸ਼ਬਦਾਂ ਸ਼ਲੋਕਾਂ ਦੇ ਸੰਬੰਧ ਵਿਚ ਉਚਾਰੇ ਹੋਏ ਹੋਰ ਭੀ ਐਸੇ ਵਾਕ ਮਿਲਦੇ ਹਨ, ਜਿਥੇ
ਉਹਨਾਂ 'ਨਾਨਕ' ਲਫਜ਼ ਨਹੀਂ ਵਰਤਿਆ; (ਵੇਖੋ, ਸਲੋਕ ਫਰੀਦ ਜੀ ਨ: ੭੫, ੮੨, ੮੩, ੧੦੫, ੧੦੮, ੧੦੯, ੧੧੦, ੧੧੧) ਸਿਰ
ਲੇਖ "ਮਹਲਾ ੫" ਇਸ ਗੱਲ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਇਸ ਦੇ ਉਚਾਰਨ ਵਾਲੇ ਸ੍ਰੀ
ਗੁਰੂ ਅਰਜਨ ਸਾਹਿਬ ਜੀ ਹਨ।}



ਇਸ ਪੁਰਾਤਨ ਅਣਗਹਲੀ ਵਿਚ ਹੋਈ ਖੋਜ਼ ਵਿਚ ਵੀ ਸੋਧ ਦੀ ਗੁੰਜਾਇਸ਼ ਹੈ। ਗਹੁ ਨਾਲ ਵਿਚਾਰਣ ਨਾਲ ਇਹ ਸਮਝ ਪੈਦੀਂ ਹੈ ਕਿ ਇਹ ਸਾਰੇ ਸ਼ਲੋਕ ਫਰੀਦ ਜੀ ਦੇ ਆਪਣੇ ਹੀ ਹਨ ਅਤੇ ਇਨ੍ਹਾਂ ਵਿਚ "ਫਰੀਦਾ" ਅਖਰ ਵਰਤਿਆ ਮਿਲਦਾ ਹੈ ਪਰ ਪੰਚਮ ਪਾਤਸ਼ਾਹ ਜੀ ਵਲੋਂ ਤਾਂ ਕੁੱਝ ਕ ਸੰਸ਼ੋਧਨ ਜ਼ਰੂਰ ਕੀਤਾ ਗਇਆ ਹੈ।


ਭਾਈ ਸਾਹਿਬ ਗੁਰਦਾਸ ਜੀ ਦੀਆਂ ਵਾਰਾਂ ਅਤੇ ਭਗਤਾਂ ਦਾ ਪਰਮਾਰਥਿਕ ਜੀਵਨ:


ਆਸਾ ਰਾਗ ਦੇ ਇਸ ਦੂਸਰੇ ਸ਼ਬਦ ਤੋਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਭਗਤ ਧੰਨਾ ਜੀ ਨੂੰ ਪ੍ਰਤੱਖ ਤੌਰ ਤੇ ਆਪਣੇ ਮੂਲ (ਆਪਣੇ ਅੰਦਰਲੇ ਗੁਸਾਈਂ) ਦੇ ਦਰਸ਼ਨ ਹੋਏ ਸਨ ਜਿਸ ਗੱਲ ਦੀ ਪ੍ਰੌਡ਼ਤਾ ਉਹ ਖੁਦ ਆਪ ਹੀ ਕਰ ਰਹੇ ਹਨ, ਹਾਲਾਂਕੀ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਦਸਵੀਂ ਵਾਰ ਦੀ ੧੩ਵੀਂ ਪੌਡ਼ੀ ਵਿੱਚ ਇਹ ਪੰਕਤੀ ਲਿਖਦੇ ਹਨ, "ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ ।" ਜੋ ਕਿ ਸ਼੍ਰੀ ਆਦਿ ਗ੍ਰੰਥ ਵਿੱਚ ਦਰਜ਼ ਇਸ ਹਰਿ ਕੀ ਬਾਣੀ ਦੀ ਇਸ ਪੱਖੋਂ ਵਿਰੋਧਤਾ ਕਰਦੀ ਹੈ ਕਿ ਸ਼ਰੀਰਕ ਰੂਪ ਵਿਚ ਵੀ ਪਰਮੇਸ਼ਰ ਦਾ ਦਰਸ਼ਨ ਹੋ ਸਕਦਾ ਹੈ ਜਾਂ ਫਿਰ ਹੋਰਨਾਂ ਧਰਮਾਂ ਵਾਂਗ ਕੋਈ ਅਨਹੋਣੀ ਜਹੀ ਕਰਾਮਾਤ ਵਰਤ ਸਕਦੀ ਹੈ। ਆਪ ਸਭ ਇਸ ਗੱਲ ਤੋਂ ਤਾਂ ਜਾਣੂ ਹੀ ਹੋ ਕਿ ਇਸ ਗੁਰਮਤ ਵਿਰੋਧੀ ਵਿਚਾਰਧਾਰਾ (ਪੱਥਰ ਵਿਚੋਂ ਰੱਬ ਪਾਉਣਾ) ਦਾ ਪ੍ਰਚਾਰ ਅਜੋਕੇ ਸਿੱਖ ਜਗਤ ਵਿਚ ਵਧੇਰਾ ਹੈ। ਇਸ ਤਰ੍ਹਾਂ ਦੀ ਵਿਚਾਰਧਾਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ ਕਿ ਉਹ ਗੁਰਮਤ ਦੇ ਸਰੋਤ ਦਾ ਭਰੋਸੇਮੰਦ ਵਸੀਲਾ ਵੀ ਹਨ..? ਹੋ ਸਕਦਾ ਹੈ ਕਿ ਗੁਰਮਤ ਦੀ ਵਿਚਾਰਧਾਰਾ ਨੂੰ ਧੁੰਧਲਾਉਣ ਲਈ ਇਹ ਚਾਲ ਵਰਤੀ ਗਈ ਹੋਵੇ ਅਤੇ ਉਨ੍ਹਾਂ ਵਿੱਚ ਮਿਲਾਵਟ ਕਰ ਦਿੱਤੀ ਗਈ ਹੋਵੇ ਜਾਂ ਫਿਰ ਉਨ੍ਹਾਂ ਦਾ ਨਾਂ ਵਰਤ ਕੇ ਇਹ ਵਾਰਾਂ ਲਿਖ ਲਈਆਂ ਹੋਣ। ਇਸ ਵਿਸ਼ੇ ਤੇ ਡੁੰਘੀ ਖੋਜ਼ ਦੀ ਲੋਡ਼ ਹੈ।


ਇਸ ਪ੍ਰਕਾਰ ਹੀ ਭਗਤ ਕਬੀਰ ਜੀ ਦੇ ਗੁਰੂ ਨੁੰ ਲੈ ਕੇ ਭਾਈ ਸਾਹਿਬ ਗੁਰਦਾਸ ਜੀ ਨੇ ਆਪਣੀ ੧੦ਵੀਂ ਵਾਰ ਦੀ ੧੫ਵੀਂ ਪੌਡ਼ੀ ਵਿਚ ਗੁਰਮਤ ਵਿਰੋਧੀ ਖਿਆਲ ਪ੍ਰਗਟਾਇਆ ਦਿਸਦਾ ਹੈ। ਭਾਈ ਸਾਹਿਬ ਜੀ ਲਿਖਦੇ ਹਨ..


੧੫ [ਕਬੀਰ ਅਤੇ ਰਾਮਾਨੰਦ]
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ।
ਅੰਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨ੍ਹਾਵਣ ਤਾਈਂ।
ਅਗੋ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਿਥਾਈਂ।
ਪੈਰੀ ਟੁੰਬ ਉਠਾਲਿਆ ‘ਬੋਲਹੁ ਰਾਮ’ ਸਿਖ ਸਮਝਾਈ।
ਜਿਉ ਲੋਹਾ ਪਾਰਸੁ ਛੁਹੇ ਚੰਦਨ ਵਾਸੁ ਨਿੰਮੁ ਮਹਕਾਈ।
ਪਸੂ ਪਰੇਤਹੁ ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ।
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਮਿਲਾਈ।
ਝਰਣਾ ਝਰਦਾ ਨਿਝਰਹੁੰ ਗੁਰਮੁਖਿ ਬਾਣੀ ਅਘਡ਼ ਘਡ਼ਾਈ।
ਰਾਮ ਕਬੀਰੈ ਭੇਦੁ ਨ ਭਾਈ ॥੧੫॥
ਭਾਈ ਗੁਰਦਾਸ ਜੀ (ਵਾਰ ੧੦ ਪਉਡ਼ੀ ੧੫)



ਜੋ ਕਿ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਰਾਮਾਨੰਦ ਜੀ ਜੋ ਕਿ ਬਿਰਕਤ ਸਨ ਨੇ ਕਬੀਰ ਜੀ ਨੂੰ ਰਾਮ ਕਹਨ ਦਾ ਗੁਰਮੰਤ੍ਰ ਦਿੱਤਾ ਪਰ ਭਗਤ ਕਬੀਰ ਜੀ ਆਪਣੀ ਖੁਦ ਦੀ ਬਾਣੀ ਵਿਚ ਇਸ ਵਿਚਾਰਧਾਰਾ ਤੋਂ ਉਲਟ ਗੱਲ ਦੱਸ ਰਹੇ ਹਨ।


"ਅਬ ਕਹੁ ਰਾਮ ਕਵਨ ਗਤਿ ਮੋਰੀ ॥ਤਜੀਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥

ਸਗਲ ਜਨਮੁ ਸਿਵਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥" (ਪੰਨਾ ੩੨੬)

"ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥" (ਪੰਨਾ ੯੬੯)


ਜਿਸ ਦਾ ਭਾਵ ਇਹ ਹੋਇਆ ਕਿ ਕਬੀਰ ਜੀ ਨੂੰ ਬਨਾਰਸ (ਸਿਵਪੁਰੀ) ਵਿਚੋ ਤੱਤ ਗਿਆਨ ਪ੍ਰਾਪਤ ਨ ਹੋ ਸਕਿਆ ਕਿਉਂਕਿ ਉਥੇ ਇਸ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਸੀ ਅਤੇ ਪਰਤ ਕੇ ਮਗਹਰ (ਹਰ ਦਾ ਮਾਰਗ) ਸ਼ਹਿਰ ਵਿੱਚ ਜਾ ਕੇ ਓਹੋ ਤੱਤ ਗਿਆਨ ਪ੍ਰਾਪਤ ਹੋਇਆ।


ਪਰਮਾਤਮਾ ਸ਼ਬਦ ਬਾਰੇ:


ਆਓ ਹੁਣ ਗੁਸਾਈ ਸ਼ਬਦ ਬਾਰੇ ਪ੍ਰਚਲਤ ਅਰਥਾਂ ਦੀ ਜਾਣਕਾਰੀ ਲਈਏ। ਸਮਸਰ ਗੁਰਬਾਣੀ ਵਿੱਚ ਇਹ ਸ਼ਬਦ ਕਦੇ ਪਰਮੇਸ਼ਰ ਦਾ ਜਾਂ ਕਦੇ ਅਪਣੇ ਮੂਲ ਦੇ ਬੋਧਕ ਦਾ ਸੰਕੇਤਕ ਹੈ। ਗੁਰਮਤ ਦੇ ਫਲਸਫੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਅਪਣੇ ਮੂਲ ਨੂੰ ਖੋਜਣਾ ਹੈ ਅਤੇ ਉਸ ਨੂੰ ਹੀ ਮਿਲਣਾ ਹੈ। ਇਸ ਮੂਲ ਨੇ ਪਹਿਲਾਂ ਨਾਮ ਪਦਾਰਥ ਉਪਰੰਤ ਜਨਮ ਪਦਾਰਥ ਪ੍ਰਾਪਤ ਕਰ ਕੇ "ਸਬਦ ਗੁਰੂ" ਵਿਚ ਲੀਨ ਹੋਣਾ ਹੈ ਪਰ ਅਜੋਕੇ ਸਿੱਖ ਜਗਤ ਵਿਚ ਹੁਣ ਤੱਕ ਇਸ ਫਲਸਫੇ ਦਾ ਪ੍ਰਚਾਰ ਨਾਮ ਮਾਤਰ ਵੀ ਨਹੀਂ ਹੋਇਆ। ਇਸ ਪ੍ਰਥਾਏ ਕੁੱਝ ਗੁਰਮਤ ਸੰਕੇਤ ਹੇਠਾਂ ਦਿੱਤੇ ਜਾਂਦੇ ਹਨ।


ਮੂਰਖ ਦੁਬਿਧਾ ਪਡ਼੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ (ਪੰਨਾ ੧੧੩੩)


ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥ (ਪੰਨਾ ੧੩੩੪)


ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ (ਪੰਨਾ ੯੬੯)


ਜੇ ਇਸ ਪੰਕਤੀ "ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥" ਦੀ ਗਹੁ ਨਾਲ ਵਿਚਾਰ ਕਰਿਏ ਤਾਂ ਇਹ ਦੀ ਸਮਝ ਪੈਂਦੀ ਹੈ ਕਿ "ਹਰਿ" ਹੀ ਇਸ (ਜੀਵ) ਦਾ ਮੂਲ ਹੈ ਅਤੇ ਉਹ ਹਰ ਦਮ ਉਸਦੇ ਨਾਲ ਰਹਿੰਦਾ ਹੈ। ਗੁਰਮਤ ਵੀ ਇਹੀ ਸਮਝਾ ਰਹੀ ਹੈ। ਤਾਹੀਂ ਗੁਰਬਾਣੀ ਅੰਦਰ ਇਸ ਅੱਖਰ "ਹਰਿ" ਦੀ ਸਭ ਤੋਂ ਵੱਧ ਵਰਤੋਂ ਹੋਈ ਹੈ ਕੁੱਲ (੯੨੮੮) ਵਾਰੀ ਅਤੇ ਭੁਲੇਖੇ ਖਾ ਕੇ ਅਸੀਂ ਇਸ ਦੇ ਅਰਥ ਪਰਮਾਤਮਾ ਕਰਦੇ ਹਾਂ ਅਤੇ ਅਗੇ ਦੇਖੋ ਗੁਰਮਤ ਅਨੁਸਾਰ ਹਰਿ ਹੀ ਪੁਰਖ ਹੈ।


"ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ (ਪੰਨਾ ੬੪੨)"


ਅਤੇ ਹੋਰ ਵੇਖੋ ਹਰਿ ਹੀ ਪ੍ਰਭ ਹੈ,


"ਹਉ ਸਤਿਗੁਰ ਵਿਟਹੁ ਵਾਰਿਆ ਜਿਨਿ "ਹਰਿ ਪ੍ਰਭੁ" ਦੀਆ ਦਿਖਾਇ ॥੧॥ ਰਹਾਉ ॥ (ਪੰਨਾ ੪੧)


ਅਰਥਾਤ ਸਤਿਗੁਰ ਦੀ ਇਹ ਵਡਿਆਈ ਹੈ ਕਿ ਉਹ ਹਰਿ ਅਤੇ ਪ੍ਰਭ ਦਾ ਦਰਸ਼ਨ ਕਰਾ ਦਿੰਦਾ ਹੈ । ਨਿਰਾਕਾਰ ਦਾ ਦਰਸ਼ਨ ਬੁੱਧੀ ਨੂੰ ਹੀ ਹੋਣਾ ਹੁੰਦਾ ਹੈ ਨਾਂ ਕਿ ਇਨ੍ਹਾਂ ਅੱਖਾਂ ਨੂੰ, ਕਿਉਂਕਿ ਉਹ ਤਾਂ ਅਗੋਚਰ ਹੈ।


ਗੁਰਬਾਣੀ ਨੂੰ ਬਡ਼ੇ ਗਹੁ ਨਾਲ ਵਿਚਾਰਨ ਦੀ ਲੋਡ਼ ਹੈ। ਪ੍ਰਭ, ਸਤਿਗੁਰ, ਰਾਮ, ਹਰਿ, ਸਾਹਿਬ ਆਦਿ ਸ਼ਬਦਾਂ ਨੂੰ ਪਰਮੇਸ਼ਰ ਦੇ ਸੂਚਕ ਸਮਝਣਾ ਵੱਡੀ ਭੁੱਲ ਹੈ। ਪ੍ਰਭ, ਸਤਿਗੁਰ, ਅਤੇ ਗੁਰ ਸ਼ਬਦਾਂ ਦੇ ਅਰਥ ਪ੍ਰਭੂ, ਸਤਿਗੁਰੂ ਅਤੇ ਗੁਰੂ ਕਰਨੇ ਨਿਰਮੂਲ ਹਨ।


ਪ੍ਰੋ: ਸਾਹਿਬ ਸਿੰਘ ਜੀ ਨੇ "ਸ੍ਰੀ ਗੁਰੁ ਗ੍ਰੰਥ ਸਾਹਿਬ ਦਰਪਣ" ਵਿੱਚ ਪਰਮਾਤਮਾ ਅੱਖਰ ਦੀ ਬਹੁਤ ਖੁੱਲੀ ਵਰਤੋਂ ਕੀਤੀ ਹੋਈ ਹੈ ਅਤੇ ਕੀਤੀ ਵੀ ਪਰਮੇਸ਼ਰ ਦੇ ਪਰਥਾਈਂ ਹੀ ਹੈ ਜੋ ਕਿ ਸਰਾਸਰ ਗਲਤ ਜਾਪਦੀ ਹੈ। ਜਦ ਕਿ ਸੀ੍ ਆਦਿ ਗਰੰਥ ਵਿੱਚ "ਪਰਮਾਤਮਾ" ਸ਼ਬਦ ਦੀ ਕੋਈ ਹੋਂਦ ਹੀ ਨਹੀ ਹੈ। ਪਰਮਾਤਮ, ਪਰਾਤਮਾ ਅਤੇ ਪ੍ਰਾਤਮਾ ਸ਼ਬਦ ਤਾਂ ਜ਼ਰੂਰ ਵਰਤੇ ਗਏ ਹਨ ਅਤੇ ਉਨ੍ਹਾਂ ਦੇ ਅਰਥਾਂ ਦੀ ਵਿਆਖਿਆ ਵੀ ਕੀਤੀ ਹੈ।


"ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਪੰਨਾ ੪੨੧"


ਪ੍ਰੋ: ਸਾਹਿਬ ਸਿੰਘ ਜੀ ਨੇ ਪਰਮਾਤਮੁ ਸ਼ਬਦ ਦੇ ਅਰਥ ਕਰਨ ਵਿੱਚ ਵੀ ਉਕਾਈ ਖਾਧੀ ਹੈ।
ਉਨ੍ਹਾਂ ਦੇ ਅਨੁਸਾਰ,
             (ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਹਚਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ। ਜਦਕਿ ਸ: ਮਨਮੋਹਨ ਸਿੰਘ ਜੀ ਨੇ ਆਪਣੇ ਟੀਕੇ ਵਿਚ ਇਸ ਪੰਕਤੀ ਦੇ ਸਹੀ ਅਰਥ ਕੀਤੇ ਹਨ (ਜੋ ਆਪਣੀ ਆਤਮਾਂ ਨੂੰ ਸਮਝਦੇ ਹਨ, ਉਹ ਖੁਦ ਪ੍ਰੀਤਮ (ਪਰਮ ਆਤਮਾਂ) ਹਨ। (They, who understanding their soul, are themelves the Supreme soul.)


ਦਾਸ ਦੀ ਪ੍ਰੋ: ਸਾਹਿਬ ਸਿੰਘ ਜੀ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਉਨ੍ਹਾਂ ਦਾ ਟੀਕਾ ਸਭ ਤੋ ਵਧ ਪ੍ਰਚਲਿਤ ਹੋਣ ਕਰਕੇ ਪਾਠਕਾਂ ਤਕ ਇਹ ਸ਼ੰਦੇਸ਼ ਦੇਣ ਦਾ ਨਿਮਾਣਾ ਜਿਹਾ ਯਤਨ ਹੈ, ਕਿ ਗੁਰਮਤ ਰਾਹ ਦੇ ਪਾਂਧੀ ਇਨ੍ਹਾਂ ਕਮੀਆਂ ਦੇ ਪ੍ਰਤੀ ਸੁਚੇਤ ਰਹਿਣ ਅਤੇ ਗੁਰਮਤ ਦੇ ਤੱਤ ਤੋਂ ਜਾਣੂ ਹੋ ਸਕਣ। ਦਾਸ ਇਸ ਗੱਲ ਦੀ ਆਸ ਰਖੱਦਾ ਹੈ ਕਿ ਇਸ ਲੇਖ ਦੁਆਰਾ ਜਿੱਥੇ ਅਸੀਂ ਭਗਤ ਧੰਨਾ ਜੀ ਦੇ ੫੯੬ ਸਰੀਰਕ ਜਨਮ ਦਿਹਾਡ਼ੇ ਤੇ ਉਨ੍ਹਾਂ ਵਲੋਂ ਦਰਜ਼ ਤਿੰਨ ਨਹੀਂ ਪਰ ਚਾਰ ਸ਼ਬਦਾ ਅਤੇ ਭਗਤ ਪਰਮਾਨੰਦ ਅਤੇ ਭਗਤ ਸੂਰਦਾਸ ਜੀ ਦੇ ਸਬਦ ਆਦਿ ਗਰੰਥ ਜੀ ਦੇ ਤੱਤਕਰੇ ਅਨੁਸਾਰ ਦਰਜ਼ ਸ਼ਬਦਾਂ ਦੀ ਗਿਣਤੀ ਦੀ ਵਿਚਾਰ ਕੀਤੀ ਹੈ ਨਾਲ ਹੀ ਅਸੀਂ ਗੁਰਮਤ ਦੇ ਅਹਿਮ ਵਿਸ਼ਿਆਂ ਨੂੰ ਵੀ ਛੋਹਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ।




ਭੁਲ ਚੁੱਕ ਮੁਆਫ
ਗੁਰਜੀਤ ਸਿੰਘ ਆਸਟ੍ਰੇਲੀਆ

No comments:

Post a Comment